Saturday, November 14, 2009

ਮੈਂ ਸ਼ਾਇਦ ਕੱਲ੍ਹ ਤੱਕ ਨਾ ਰਹਾਂ

ਮੌਤ ਮੇਰੀ ਦਾ ਦਿਨ ਹੋਵੇ,ਤੇ ਰਾਖ਼ ਦਾ ਮੈਂ ਇੱਕ ਢੇਰ ਹੋਵਾਂ
ਤੇਰੇ ਰਾਹੀਂ ਪਿਆ ਉਡੀਕਾਂ ਮੈਂ,ਤੇਰੇ ਪੈਰ ਦੀ ਬੱਸ ਇੱਕ ਠੋਕਰ ਨੂੰ
ਜੋ ਕਹਿਣਾ ਮੈਨੂੰ ਅੱਜ ਹੀ ਕਹਿ ਲੈ,ਦੋ ਘੜੀਆਂ ਆ ਰਲ਼ ਕੇ ਬਹਿ ਲੈ
ਹੁਣ ਹੋਰ ਮੈਂ ਤੈਨੂੰ ਕੀ ਕਹਾਂ?ਮੈਂ ਸ਼ਾਇਦ ਕੱਲ੍ਹ ਤੱਕ ਨਾ ਰਹਾਂ...
ਹੋ ਸਕਦੈ ਕੱਲ੍ਹ ਹੋਠਾਂ ਉੱਤੇ,ਚੁੱਪ ਦਾ ਮੋਟਾ ਜੰਦਰਾ ਵੱਜ ਜਾਏ।
ਉਮਰ ਦਾ ਪੰਛੀ ਧੋਖਾ ਕਰ ਜਾਏ,ਸੂਖ਼ਮ ਸਾਥ ਦੇਹੀ ਦਾ ਛੱਡ ਜਾਏ
ਇਸ ਪਿੰਜਰ ਦੇ ਧੁਰ ਅੰਦਰ ਤੱਕ,ਚੰਦਰਾ ਰੋਗ ਹਿਜਰ ਦਾ ਲੱਗ ਜਾਏ।
ਦਿਲ ਦੇ ਅੰਦਰ ਪਾਰਾ ਭਰ ਜਾਏ,ਧਕ-ਧਕ ਕਰਦਾ ਆਖਿਰ ਖੜ੍ਹ ਜਾਏ।
ਸ਼ਾਇਦ ਮੈਨੂੰ ਮੁਕਤੀ ਮਿਲ਼ ਜਾਏ,ਦਰਦ ਮੈਂ ਮੁੜ ਕੇ ਨਾ ਸਹਾਂ।
ਮੈਂ ਸ਼ਾਇਦ ਕੱਲ੍ਹ ਤੱਕ ਨਾ ਰਹਾਂ...
ਸ਼ਾਇਦ ਬਾਲ ਅੰਞਾਣਾ ਮਨ ਦਾ,ਮੌਤ ਦੀ ਗੋਦੀ ਬਹਿ ਕੇ ਵਿਰ ਜਾਏ
ਹੋ ਸਕਦੈ ਕੱਲ੍ਹ ਤੇਰੀ ਅੱਖ ਚੋਂ, ਹੰਝੂ ਇੱਕ ਮੇਰੇ ਲਈ ਕਿਰ ਜਾਏ
ਮੈਂ ਨਹੀਂ ਚਾਹੁੰਦਾ ਮੌਤ ਮੇਰੀ ਦਾ, ਦੋਸ਼ ਕਦੇ ਵੀ ਤੇਰੇ ਸਿਰ ਜਾਏ
ਨਾਮ ਤੇਰਾ ਮੇਰੇ ਨਾਲ਼ ਜੁੜ ਜਾਏ, ਜੱਗ ਦੀਆਂ ਨਜ਼ਰਾਂ ਦੇ ਵਿੱਚ ਗਿਰ ਜਾਏ
ਮੈਂ ਨਹੀਂ ਚਾਹੁੰਦਾ ਅੰਤਿਮ ਤੋਹਫਾ, ਤੈਨੂੰ ਰੋਸਿਆਂ ਦਾ ਦਵਾਂ।
ਮੈਂ ਸ਼ਾਇਦ ਕੱਲ੍ਹ ਤੱਕ ਨਾ ਰਹਾਂ...

1 comment:

  1. shiv kumar btalvi de follower banna chaunde ho lgda ta inj hai

    ReplyDelete