ਗ਼ਮਾਂ ਦੀ ਰਾਤ ਲੰਮੀ ਏਂ ,
ਜਾਂ ਮੇਰੇ ਗੀਤ ਲੰਮੇ ਨੇ !
ਨਾ ਭੈੜੀ ਰਾਤ ਮੁਕਦੀ ਏ
ਨਾ ਮੇਰੇ ਗੀਤ ਮੁਕਦੇ ਨੇ !
ਇਹ ਸਰ ਕਿੰਨੇ ਕੁ ਡੁੰਘੇ ਨੇ
ਕਿਸੇ ਨੇ ਹਾਥ ਨਾ ਪਾਈ ,
ਨਾ ਬਰਸਾਤਾਂ ਚ ਹੜਦੇ ਨੇ
ਤੇ ਨਾ ਔੜਾਂ ਚ ਸੁਕਦੇ ਨੇ !
ਮੇਰੇ ਹੱਡ ਹੀ ਅਵੱਲੇ ਨੇ
ਜੋ ਅੱਗ ਲਾਇਆਂ ਨਹੀ ਸੜਦੇ
ਨੇ ਸੜਦੇ ਹਾਉਕਿਆਂ ਦੇ ਨਾਲ
ਹਾਵਾਂ ਨਾਲ ਧੁਖਦੇ ਨੇ !
ਇਹ ਫੱਟ ਹਨ ਇਸ਼ਕ ਦੇ
ਇਹਨਾਂ ਦੀ ਯਾਰੋ ਕੀ ਦਵਾ ਹੋਵੇ ,
ਇਹ ਹੱਥ ਲਾਇਆਂ ਵੀ ਦੁਖਦੇ ਨੇ
ਮਲਮ ਲਾਇਆਂ ਵੀ ਦੁਖਦੇ ਨੇ !
ਜੇ ਗੋਰੀ ਰਾਤ ਹੈ ਚੰਨ ਦੀ
ਤਾਂ ਕਾਲੀ ਰਾਤ ਹੈ ਕਿਸ ਦੀ ?
ਨਾ ਲੁਕਦੇ ਤਾਰਿਆਂ ਵਿਚ ਚੰਨ
ਨਾ ਤਾਰੇ ਚੰਨ ਚ ਲੁਕਦੇ ਨੇ !
No comments:
Post a Comment