Wednesday, December 16, 2009

ਅਸਾਂ ਤਾਂ ਜੋਬਨ ਰੁੱਤੇ ਮਰਨਾ {ਸਿ਼ਵ ਕੁਮਾਰ ਬਟਾਲਵੀ}

ਅਸਾਂ ਤਾਂ ਜੋਬਨ ਰੁੱਤੇ ਮਰਨਾ
ਮੁੜ ਜਾਣਾ ਅਸਾਂ ਭਰੇ ਭਰਾਏ
ਹਿਜਰ ਤੇਰੇ ਦੀ ਕਰ ਪਰਕਰਮਾ
ਅਸਾਂ ਤਾਂ ਜੋਬਨ ਰੁੱਤੇ ਮਰਨਾ

ਜੋਬਨ ਰੁੱਤੇ ਜੋ ਵੀ ਮਰਦਾ
ਫੁੱਲ ਬਣੇ ਜਾਂ ਤਾਰਾ
ਜੋਬਨ ਰੁੱਤੇ ਆਸ਼ਕ ਮਰਦੇ
ਜਾਂ ਕੋਈ ਕਰਮਾਂ ਵਾਲਾ
ਜਾਂ ਉਹ ਮਰਨ,
ਕਿ ਜਿਨਾਂ ਲਿਖਾਏ
ਹਿਜਰ ਧੁਰੋਂ ਵਿਚ ਕਰਮਾਂ
ਹਿਜਰ ਤੁਹਾਡਾ ਅਸਾਂ ਮੁਬਾਰਿਕ
ਨਾਲ ਬਹਿਸ਼ਤੀ ਖੜਨਾ
ਅਸਾਂ ਤਾਂ ਜੋਬਨ ਰੁੱਤੇ ਮਰਨਾ !
ਸੱਜਣ ਜੀ ,
ਭਲਾਂ ਕਿਸ ਲਈ ਜੀਣਾ
ਸਾਡੇ ਜਿਹਾਂ ਨਿਕਰਮਾਂ
ਸੂਤਕ ਰੁੱਤ ਤੋਂ ,
ਜੋਬਨ ਰੁੱਤ ਤੱਕ
ਜਿਨਾਂ ਹੰਢਾਈਆਂ ਸ਼ਰਮਾ
ਨਿੱਤ ਲੱਜਿਆਂ ਦੀਆਂ ਜੰਮਣ - ਪੀੜਾਂ
ਅਣਚਾਹਿਆਂ ਵੀ ਜਰਨਾ
ਨਿੱਤ ਕਿਸੇ ਦੇਹ ਵਿਚ ,
ਫੁੱਲ ਬਣ ਖਿੜਨਾ
ਨਿੱਤ ਤਾਰਾ ਬਣ ਚੜਨਾ
ਅਸਾਂ ਤਾਂ ਜੋਬਨ ਰੁੱਤੇ ਮਰਨਾ !

ਸੱਜਣ ਜੀ ,
ਪਏ ਸੱਭ ਜੱਗ ਤਾਈਂ
ਗਰਭ ਜੂਨ ਵਿਚ ਮਰਨਾ
ਜੰਮਨੋਂ ਪਹਿਲਾਂ ਔਧ ਹੰਢਾਈਏ
ਫੇਰ ਹੰਢਾਈਏ ਸ਼ਰਮਾ
ਮਰ ਕੇ ਕਰੀਏ ,
ਇਕ ਦੂਜੇ ਦੀ ,
ਮਿੱਟੀ ਦੀ ਪਰਕਰਮਾ
ਪਰ ਜੇ ਮਿੱਟੀ ਵੀ ਮਰ ਜਾਏ
ਤਾਂ ਜੀਉ ਕੇ ਕੀ ਕਰਨਾ ?
ਅਸਾਂ ਤਾਂ ਜੋਬਨ ਰੁੱਤੇ ਮਰਨਾ
ਮੁੜ ਜਾਣਾ ਅਸਾਂ ਭਰੇ ਭਰਾਏ
ਹਿਜਰ ਤੇਰੇ ਦੀ ਕਰ ਪਰਕਰਮਾ
ਅਸਾਂ ਤਾ ਜੋਬਨ ਰੁੱਤੇ ਮਰਨਾ !

No comments:

Post a Comment