Saturday, December 26, 2009

ਪਤਾ ਨਈ ਕਿਉਂ.....?

ਪਤਾ ਨਈ ਵਕਤ ਹੀ ਖਰਾਬ ਸੀ,
ਪਤਾ ਨਈ ਓਹਦੇ ਹੀ ਦਿਲ ਚ ਕੋਈ ਹੋਰ ਸੀ,
ਜਾਂ ਫੇਰ ਸਾਨੂੰ ਹੀ ਪ੍ਰੀਤ ਨਿਭਾਉਣੀ ਨਾ ਆਈ,
ਸਦਰਾਂ ਵੀ ਟੁੱਟ ਗਈਆਂ,
ਦਿਲ ਵੀ ਬਿਖਰ ਗਿਆ,
ਕਦੇ ਮੁੜਕੇ ਓਹ ਵਾਪਸ ਪ੍ਰਾਹੁਣੀ ਨਾ ਆਈ.....

ਪਤਾ ਨਈ ਅਸੀਂ ਹੀ ਬਹੁਤੇ ਨੀਵੇਂ ਸੀ,
ਪਤਾ ਨਈ ਓਹ ਹੀ ਜਿਆਦਾ ਉੱਚੀ ਸੀ,
ਜਾਂ ਫੇਰ ਸਮੇ ਦੀ ਚਾਲ ਚਲਾਉਣੀ ਨਾ ਆਈ,
ਐਨੇ ਤਾਂ ਗਰੀਬ ਨਈ ਸਾਂ ਦਿਲ ਦੇ,
ਪਰ ਦੋਲਤਮੰਦ ਅਮੀਰ ਵੀ ਤਾਂ ਨਈ ਸੀ,
ਸਾਨੂੰ ਆਪਣੀ ਕੀਮਤ ਪਵਾਉਣੀ ਨਾ ਆਈ....

ਪਤਾ ਨਈ ਸਾਡੇ ਪਿੰਡ ਦੀ ਧੁੱਪ ਹੀ ਤਿੱਖੀ ਸੀ,
ਪਤਾ ਨਈ ਓਹਦਾ ਸ਼ਹਿਰ ਹੀ ਜਿਆਦਾ ਠੰਡਾ ਸੀ,
ਜਾਂ ਫੇਰ ਠੰਡੀਆਂ ਹਵਾਵਾਂ ਚ ਬਿਠਾਉਣੀ ਨਾ ਆਈ,
ਜਖਮ ਤਾਂ ਰਿਸ ਪਏ ਸਾਡੇ,
ਪੱਟੀਆਂ ਵੀ ਖੁੱਲ ਗਈਆਂ,
ਸਾਨੂੰ ਆਪਣੀ ਇਹ ਪੀੜ ਲੁਕਾਉਣੀ ਨਾ ਆਈ.........

ਪਤਾ ਨੀ ਰਾਹੀਂ ਸਾਡੇ ਕੰਡੇ ਸੀ,
ਪਤਾ ਨਈ ਓਹਦੇ ਹੀ ਪੈਰ ਵੱਧ ਕੂਲੇ ਸੀ,
ਜਾਂ ਫੇਰ ਅੱਡੀ ਓਹਦੀ ਤਲੀ ਤੇ ਟਿਕਾਉਣੀ ਨਾ ਆਈ,
ਪਰ ਗਰੀਬੀ ਦੇ ਕੰਡੇ ਸੀ,
ਓਹਦੇ ਤਾਂ ਚੁਭਣੇ ਹੀ ਸੀ,
ਸਾਨੂੰ ਨੋਟਾਂ ਦੀ ਸੇਜ ਵਿਛਾਉਣੀ ਨਾ ਆਈ.....

ਪਤਾ ਨਈ ਬੂਹਾ ਹੀ ਸਾਡਾ ਖੁੱਲਾ ਸੀ,
ਪਤਾ ਨਈ ਕੁੱਲੀ ਵੇਖ ਕੇ ਹੀ ਭਾਅ ਗਈ,
ਜਾਂ ਫੇਰ ਕੁੱਲੀ ਮਹਿਲਾਂ ਵਾਂਗ ਸਜਾਉਣੀ ਨਾ ਆਈ,
“ ਬਰਾੜਾ “ ਤਿੜਕਿਆ ਤੂੰ ਕਾਹਤੋਂ,
ਸ਼ਾਇਦ ਪੱਥਰ ਵੱਜੇ ਬਾਹਲੇ,
ਤੈਨੂੰ ਝੱਲਿਆ ਓਹ ਚੰਗੀ ਤਰਾਂ ਚਾਹੁਣੀ ਨਾ ਆਈ.....

ਮਾਂ ਜੰਮਦੀ ਹੈ ਇੱਕ ਮਾਂ

ਲੱਖ ਚੁਰਾਸੀ ਜੂਨਾਂ ਵਿੱਚੋ ਉੱਚੀ ਸੁੱਚੀ ਮਾਂ ਦੀ ਜੂਨ
ਮਾਂ ਨੂੰ ਜੰਮਣ ਦਿਓ ,,,,,ਮਾਂ ਨੂੰ ਵਧਣ ਦਿਓ
ਦੁਨੀਆਂ ਦੇ ਲੋਕੋ ਨਾ ਤੋੜੋ ਰੱਬ ਦਾ ਕਾਨੂੰਨ

ਮਾਂ ਇੱਕ ਮਾਂ,,,, ਮਾਂ ਜੰਮਦੀ ਹੈ ਇੱਕ ਮਾਂ
ਕਿਹੜੇ ਰਾਹ ਵੱਲ ਤੁਰ ਪਈ ਦੁਨੀਆਂ
ਮਾਂ ਦੀ ਕੁੱਖ ਵਿੱਚ ਮਾਰਨ ਮਾਂ
ਮਾਂ ਇੱਕ ਮਾਂ ,,,, ਮਾਂ ਜੰਮਦੀ ਹੈ ਇੱਕ ਮਾਂ
ਮਾਂ ਤਾਂ ਹੈ ਰੱਬ ਦਾ ਨਾਂ

ਵਾਹ ਵਾਹ ਇੰਡੀਆ ਦੇ ਲੋਕ ਨਿਆਂਰੇ
ਥਾਂ ਥਾਂ ਮਾਤਾ ਦੇ ਮੰਦਰ ਉਸਾਰੇ
ਮਾਂ ਨੂੰ ਮੰਨਣ ਵਾਲੇ ਦੇਖੋ
ਨਹੀ ਡਰਦੇ ਮਾਰਨ ਤੋ ਮਾਂ
ਮਾਂ ਇੱਕ ਮਾਂ,,,, ਮਾਂ ਜੰਮਦੀ ਹੈ ਇੱਕ ਮਾਂ
ਮਾਂ ਤਾਂ ਹੈ ਰੱਬ ਦਾ ਨਾਂ

ਮਾਂ ਨਾਂ ਮਾਰੋ ਪੱਛੜੀ ਸੋਚ ਮੁਕਾਓ
ਇਹ ਕੁਰੀਤੀਆਂ , ਚੰਦਰੇ ਰਿਵਾਜ਼ ਮਿਟਾਓ
ਮੈ ਤਾਂ ਚਾਹਵਾਂ ਹਰ ਕੋਈ ਮਾਣੇ
ਮਾਂ ਧੀ ਭੈਣ ਬੋਹੜ ਦੀ ਛਾਂ
ਮਾਂ ਇੱਕ ਮਾਂ,,,, ਮਾਂ ਜੰਮਦੀ ਹੈ ਇੱਕ ਮਾਂ
ਮਾਂ ਤਾਂ ਹੈ ਰੱਬ ਦਾ ਨਾਂ

ਮਾਂ ਨੂੰ ਜਾਣੋ ਰੱਬ ਨੂੰ ਪਹਿਚਾਣੋ
ਹੋਰ ਨਾਂ ਗਲਤੀ ਕਰਿਓ ਅਣਜਾਣੋ
ਹਰ ਸਿਰ ਤੇ ਰੱਬ ਨਹੀ ਰਹਿ ਸਕਦਾ
ਮਾਂ ਦਾ ਭੇਸ ਵਟਾਂਉਦਾ ਤਾਂ
ਮਾਂ ਇੱਕ ਮਾਂ,,,, ਮਾਂ ਜੰਮਦੀ ਹੈ ਇੱਕ ਮਾਂ
ਮਾਂ ਤਾਂ ਹੈ ਰੱਬ ਦਾ ਨਾਂ

ਬਰਾੜ, ਨੇ ਰੱਬ ਦਾ ਦਰਸ਼ਨ ਕੀਤਾ
ਜਦ ਮਾਂ ਮੇਰੀ ਵਰਦਾਨ ਸੀ ਦਿੱਤਾ
ਪੁੱਤ ਲਿਖਦਾ ਰਹਿ ਪੁੱਤ ਗਾਂਉਦਾ ਰਹਿ
ਇਹ ਗੱਲ ਦੁਨੀਆਂ ਦੇ ਕੰਨੀ ਪਾਂਉਦਾ ਰਹਿ
ਸ਼ਾਇਦ ਤੇਰੀ ਗੱਲ ਸੁਣ ਕੇ
ਕੋਈ ਇੱਕ ਬੱਚ ਜਾਊ ਮਰਨ ਤੋ ਮਾਂ

ਮਾਂ ਇੱਕ ਮਾਂ,,,, ਮਾਂ ਜੰਮਦੀ ਹੈ ਇੱਕ ਮਾਂ
ਮਾਂ ਤਾਂ ਹੈ ਰੱਬ ਦਾ ਨਾਂ

ਉਜੜੇ ਹੋਏ ਦਿਲ ਦਾ ਰਾਹ

ਤੇਰੇ ਤੇ ਆਈਆਂ ਲਾਲੀਆਂ ਦੂਣੀਆਂ ਤੇ ਤੀਣੀਆਂ
ਸਾਡੇ ਤੇ ਪਤਝੜ ਜਿਹੀ ਪੌਣ ਦੇ ਆਉਂਣ ਨਾਲ ।

ਤੇਰਾ ਗਰੂਰ ਹੋਰ ਵੀ ਜਿਆਦਾ ਸੀ ਹੋ ਗਿਆ
ਤੇਰੇ ਤੇ ਚੰਨ ਦੇ ਵਿਚਲਾ ਅੰਤਰ ਮਿਟਾਉਂਣ ਨਾਲ

ਮੈਂ ਆਪਣੇ ਹੀ ਹੱਥਾਂ ਨਾਲ ਇਸ ਕੋਸਿਸ਼ ਦੇ ਵਿੱਚ
ਸਾੜ ਲਏ ਸਭ ਚਾਅ ਸੂਰਜ ਤੱਕ ਪਹੁਚਾਉਂਣ ਨਾਲ

ਉਜੜੇ ਹੋਏ ਦਿਲ ਦਾ ਰਾਹ ਗਮਾਂ ਨੂੰ ਦਿਸ ਪਿਆ
ਸਰਦਲ ਤੇ ਇਕ ਪਿਆਰ ਦਾ ਦੀਪਕ ਜਗਾਉਂਣ ਨਾਲ

ਓ ਆਪੇ ਹੀ ਹਾਰ ਗਿਆ ਬਾਜੀ ਇਹ ਪਿਆਰ ਦੀ
ਗੈਰਾਂ ਨਾਲ ਮਿਲ ਕੇ ਸਾਨੂੰ ਹਰਨਾਉਂਣ ਨਾਲ

ਰਹਿੰਦੇ ਖੂਹੰਦੇ ਅਸੀ ਉਸ ਦਿਨ ਉਜੜ ਗਏ
ਤੇਰੇ ਨਾ ਦੀ ਸਹਿਰ ਵਿੱਚ ਮਹਿਫਿਲ ਸਜਾਉਂਣ ਨਾਲ

ਸ਼ਾਇਰ ਨੂੰ ਉਸ ਥਾਂ ਤੋਂ ਕੀ ਮਿਲਣੀ ਸੀ ਵਾਹ ਵਾਹ
ਮੁਰਦਿਆਂ ਦੇ ਸ਼ਹਿਰ ਵਿੱਚ ਕਵਿਤਾ ਸੁਨਾਉਂਣ ਨਾਲ

ਸੁਰਜੀਤ ਪਾਤਰ- ਮੌਤ ਦੇ ਅਰਥ

ਕੋਈ ਮਾਂ ਨਹੀਂ ਚਾਹੁੰਦੀ
ਲਹੂ ਜ਼ਮੀਨ ਤੇ ਡੁੱਲੇ

ਹਰ ਮਾਂ ਚਾਹੁੰਦੀ ਏ ਧੀਆਂ ਪੁੱਤਰ
ਤੇ ਵਧਦੀਆਂ ਫੁੱਲਦੀਆਂ ਫਸਲਾਂ

ਹਰ ਮਾਂ ਚਾਹੁੰਦੀ ਏ
ਲੋਹਾ ਕੋਈ ਲਾਹੇਵੰਦਾ ਔਜ਼ਾਰ ਬਣੇ
ਜਾਂ ਸਾਜ਼ ਦੀ ਤਾਰ ਬਣੇ

ਕੋਈ ਮਾਂ ਨਹੀਂ ਚਾਹੁੰਦੀ
ਲੋਹਾ ਹਿਥਆਰ ਬਣੇ

ਪਰ ਜਦੋਂ ਲਹੂ ਖੌਲਦਾ ਏ
ਤਾਂ ਲੋਹੇ ਨੂੰ ਹਿਥਆਰ ਬਣਾ ਲੈਂਦਾ ਏ
ਤੇ ਹਾਂ
ਕਦੀ ਮਾਵਾਂ
ਆਪਣੀ ਹੱਥੀਂ ਵੀ
ਪੁੱਤਾਂ ਨੂੰ ਅਣਖ ਦੀ ਜੰਗ ਲੜਨ ਤੋਰਦੀਆਂ ਨੇ

ਲਹੂ ਜਮੀਨ ਤੇ ਡੁੱਲਦਾ ਏ
ਜ਼ਮੀਨ ਲਹੂ ਨੂੰ ਜੀਰ ਲੈਂਦੀ ਏ
ੳੁਸ ਨੂੰ ਤੱਤਾਂ ਿਵੱਚ ਬਦਲ ਲੈਂਦੀ ਏ

ਕੁਦਰਤ ਲਈ ਮੌਤ ਦਾ ਅਰਥ ਮੌਤ ਨਹੀਂ
ਕੁਦਰਤ ਲਈ ਮੌਤ ਦਾ ਅਰਥ ਤੱਤਾਂ ਦਾ ਰੂਪ ਬਦਲਣਾ
ਕੁਦਰਤ ਲਈ ਮੌਤ ਦਾ ਅਰਥ ਇੱਕ ਹੋਰ ਜਨਮ

ਪਰ ਮਾਂਵਾਂ ਲਈ ਕੁਦਰਤ ਲਈ ਮੌਤ ਦਾ ਅਰਥ ਹੈ
ਕੁੱਖਾਂ ਚੋਂ ਜਾਏ ਦਾ ਅੰਤਹੀਣ ਅੰਧਕਾਰ ਿਵੱਚ ਡੁੱਬ ਜਾਣਾ

Thursday, December 17, 2009

ਸਲੋਕ ਬਾਬਾ ਫਰੀਦ ਜੀ

ਬੁਢਾ ਹੋਆ ਸ਼ੇਖ ਫਰੀਦ ਕੰਬਿਣ ਲਗੀ ਦੇਹ||
ਜੇ ਸਉ ਵਰਿਆਂ ਜੀਵਨਾ ਭੀ ਤਨੁ ਹੋਸੀ ਖੇਹ||

ਲੰਮੀ-ਲੰਮੀ ਨਦੀ ਵਹੈ ਕੰਧੀ ਕੇਰੈ ਹੇਤਿ||
ਬੇੜੇ ਨੋ ਕਪਰੁ ਕਿਆ ਕਰੇ ਜੇ ਪਾਤਣ ਰਹੈ ਸੁਚੇਤਿ||

ਫਰੀਦਾ ਜਿ ਦਿਹਿ ਨਾਲਾ ਕਪਿਆ ਜੇ ਗਲੁ ਕਪਹਿ ਚੁਖ||
ਪਵਨਿ ਨ ਇਤੀ ਮਾਮਲੇ ਸਹਾਂ ਨ ਇਤੀ ਦੁੱਖ||

ਫਰੀਦਾ ਕਿਥੈ ਤੇਡੈ ਮਾਪਿਆ ਜਿਨੀ ਤੂ ਜਣਿੳਹਿ||
ਤੈ ਪਾਸਹੁ ੳਇ ਲਦਿ ਗਏ ਤੂੰ ਅਜੈ ਨ ਪਤੀਣੋਹਿ||

ਫਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੈ ਨ ਦੇਹਿ||
ਜੇ ਤੂੰ ਏਵੈ ਰਖਸੀ ਜੀਉ ਸਰੀਰਹੁ ਲੇਹਿ||

ਬਿਰਹਾ-ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ||
ਫਰੀਦਾ ਜਿਸ ਤਨ ਬਿਰਹਾ ਨਾ ਉਪਜੇ ਸੋ ਤੁਨ ਜਾਣੁ ਮਸਾਨੁ||

ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣੁ ਮੇਰੀ ਭੁਖ||
ਜਿਨਾ ਖਾਧੀਂ ਚੋਪੜੀ ਘਣੇ ਸਹਨਿਗੇ ਦੁਖ||

ਰੁਖੀ ਸੁਖੀ ਖਾਇ ਕੈ ਠੰਡਾ ਪਾਣੀ ਪੀਉ||
ਫਰਿਦਾ ਦੇਖਿ ਪਰਾਈ ਚੌਪੜੀ ਨਾ ਤਰਸਾਏ ਜੀਉ||

ਤਨ ਤਪੈ ਤਨੂਰ ਜਿਉ ਬਾਲਣੁ ਹਡ ਬਲੰਨਿ||
ਥਕਾਂ ਸਿਰਿ ਜੁਲਾਂ ਜੇ ਮੂੰ ਪਿਰੀ ਮਿਲੰਨਿ||

ਫਰੀਦਾ ਲੋੜੈ ਦਾਖ ਬਿਜਉਰੀਆਂ ਕਿਕਰਿ ਬੀਜੈ ਜਟੁ||
ਹੰਢੈ ਉਨ ਕਤਾਇਦਾ ਪੈਧਾ ਲੋੜੈ ਪਟੁ||

ਫਰੀਦਾ ਜੇ ਤੂ ਅਕਲਿ ਲਤੀਫ ਕਾਲੇ ਲਿਖ ਨਾ ਲੇਖ||
ਆਪਨੜੇ ਗਿਰੀਵਾਨ ਮਹਿ ਸਿਰ ਨੀਵਾਂ ਕਰਿ ਦੇਖ||

Wednesday, December 16, 2009

ਗ਼ਜਲ {ਸਿ਼ਵ ਕੁਮਾਰ ਬਟਾਲਵੀ}

ਸ਼ਹਿਰ ਤੇਰੇ ਤਰਕਾਲਾਂ ਢਲਿਆਂ
ਗਲ ਲਗ ਰੋਈਆਂ ਤੇਰੀਆਂ ਗਲੀਆਂ
ਯਾਦਾਂ ਦੇ ਵਿਚ ਮੁੜ ਮੁੜ ਸੁਲਗਣ
ਮਹਿੰਦੀ ਲਗੀਆਂ ਤੇਰੀਆਂ ਤਲੀਆਂ
ਮਥੇ ਦਾ ਦੀਵਾ ਨਾ ਬਲਿਆ
ਤੇਲ ਤਾਂ ਪਾਇਆ ਭਰ ਭਰ ਪਲੀਆਂ
ਇਸ਼ਕ ਮੇਰੇ ਦੀ ਸਾਲਗਿਰਾ ਤੇ
ਇਹ ਕਿਸ ਘਲੀਆਂ ਕਾਲੀਆਂ ਕਲੀਆਂ
'ਸ਼ਿਵ' ਨੂੰ ਯਾਰ ਆਏ ਜਦ ਫੂਕਣ
ਸਿਤਮ ਤੇਰੇ ਦੀਆਂ ਗੱਲਾਂ ਚਲੀਆਂ

ਗ਼ਮਾਂ ਦੀ ਰਾਤ {ਸਿ਼ਵ ਕੁਮਾਰ ਬਟਾਲਵੀ}

ਗ਼ਮਾਂ ਦੀ ਰਾਤ ਲੰਮੀ ਏਂ ,
ਜਾਂ ਮੇਰੇ ਗੀਤ ਲੰਮੇ ਨੇ !

ਨਾ ਭੈੜੀ ਰਾਤ ਮੁਕਦੀ ਏ
ਨਾ ਮੇਰੇ ਗੀਤ ਮੁਕਦੇ ਨੇ !

ਇਹ ਸਰ ਕਿੰਨੇ ਕੁ ਡੁੰਘੇ ਨੇ
ਕਿਸੇ ਨੇ ਹਾਥ ਨਾ ਪਾਈ ,

ਨਾ ਬਰਸਾਤਾਂ ਚ ਹੜਦੇ ਨੇ
ਤੇ ਨਾ ਔੜਾਂ ਚ ਸੁਕਦੇ ਨੇ !

ਮੇਰੇ ਹੱਡ ਹੀ ਅਵੱਲੇ ਨੇ
ਜੋ ਅੱਗ ਲਾਇਆਂ ਨਹੀ ਸੜਦੇ

ਨੇ ਸੜਦੇ ਹਾਉਕਿਆਂ ਦੇ ਨਾਲ
ਹਾਵਾਂ ਨਾਲ ਧੁਖਦੇ ਨੇ !

ਇਹ ਫੱਟ ਹਨ ਇਸ਼ਕ ਦੇ
ਇਹਨਾਂ ਦੀ ਯਾਰੋ ਕੀ ਦਵਾ ਹੋਵੇ ,

ਇਹ ਹੱਥ ਲਾਇਆਂ ਵੀ ਦੁਖਦੇ ਨੇ
ਮਲਮ ਲਾਇਆਂ ਵੀ ਦੁਖਦੇ ਨੇ !

ਜੇ ਗੋਰੀ ਰਾਤ ਹੈ ਚੰਨ ਦੀ
ਤਾਂ ਕਾਲੀ ਰਾਤ ਹੈ ਕਿਸ ਦੀ ?

ਨਾ ਲੁਕਦੇ ਤਾਰਿਆਂ ਵਿਚ ਚੰਨ
ਨਾ ਤਾਰੇ ਚੰਨ ਚ ਲੁਕਦੇ ਨੇ !