Sunday, April 10, 2011

ਇੰਦਰ-ਬੇਗੋ

ਸਿਖ਼ਰ ਦੁਪਹਿਰੇ ਵਰਗੀ ਬੇਗੋ, ਪਈ ਲਾਹੌਰ ਦੁਹਾਈ
ਇੰਦਰ ਮੱਲ ਝੱਟ ਅਸਤ ਹੋ ਗਿਆ, ਜਦ ਹੱਟੀ ਤੇ ਆਈ
ਬਿੰਦੇ ਝੱਟੇ ਇੰਦਰ ਆਖੇ, ਹੱਟ ਤੁਸਾਂ ਦੀ ਸਾਰੀ
ਜੇ ਸੋਹਣੇ ਹੱਸ ਕੇ ਬੋਲਣ, ਤਾਂ ਹੋਜੇ ਦੂਰ ਬਿਮਾਰੀ
ਜੇ ਆਪਣੀ ਤੂੰ ਸਮਝੇਂ ਮੈਨੂੰ, ਕਲਮੇ ਜਾਣ ਖ਼ੁਦਾ ਦੇ
ਬੁੱਲੀਆਂ ਚੋਂ ਹੱਸ ਬੋਲੀ ਬੇਗੋ, ਹੱਟੀ ਨੂੰ ਅੱਗ ਲਾ ਦੇ
ਇੰਦਰ ਨੇ ਅੱਗ ਹੱਟ ਨੂੰ ਲਾਈ, ਬੋਲ ਪੁਗਾਏ ਯਾਰਾਂ
ਸਦਾ ਨਾ ਬਾਗੀਂ ਬੁਲਬੁਲ ਬੋਲੇ, ਤੇ ਸਦਾ ਨਾ ਮੌਜ ਬਹਾਰਾਂ
ਮੂਹਰੇ ਬੇਗੋ ਤੇ ਪਿੱਛੇ ਇੰਦਰ, ਰਾਵੀ ਪੁਲ ਤੇ ਆਏ
ਵਾਹ ਮੇਰੇ ਮੌਲਾ ਤੇਰੀ ਕੁਦਰਤ ਨੇ ਇਤਨੇ ਰੰਗ ਦਿਖਾਏ
ਬੇਗੋ ਆਖੇ ਛਾਲ ਮਾਰ ਹੁਣ, ਜੇ ਜਾਣੇ ਮੈਨੂੰ ਪਿਆਰੀ
ਬੇਗੋ ਦੀ ਗੱਲ ਸੁਣ ਕੇ ਇੰਦਰ, ਛਾਲ ਰਾਵੀ ਵਿੱਚ ਮਾਰੀ
ਰੁੜਦੇ ਜਾਂਦੇ ਆਸ਼ਕ ਨੂੰ ਤੱਕ, ਮਾਰਨ ਪੰਛੀ ਧਾਹਾਂ
ਛਾਲ ਮਾਰ ਫੇਰ ਬੇਗੋ ਇੰਦਰ ਗਲ ਜਾ ਪਾਈਆਂ ਬਾਹਾਂ
“ਦੇਵ ਥਰੀਕੇ ਵਾਲਿਆ” ਰੂਹਾਂ ਅੰਤ ਮੁਹੱਬਤ ਮਾਣੀ
ਜਿੰਨਾ ਚਿਰ ਜੱਗ ਜਿਉਂਦੇ ਲੋਕੀਂ ਪੈਦੀਂ ਰਹੂ ਕਹਾਣੀ..